punjabi virsa
Culture ਸੱਭਿਆਚਾਰ
ਸੱਭਿਆਚਾਰ ਲੋਕ ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ ਜਾਚ ਦਾ ਨਾਂ ਹੈ। ਪਸੂ ਜੀਵਨ ਤੋਂ
ਅਗਾਂਹ ਲੰਘ ਮਨੁੱਖ ਆਪਣੀਆਂ ਅੰਦਰੂਨੀ ਕਰਤਾਰੀ ਸ਼ਕਤੀਆਂ ਨੂੰ ਪ੍ਰਗਟ ਕਰਨ ਤੇ ਵਿਉਂਤਣ ਲਈ
ਸੱਭਿਆਚਾਰ ਸਿਰਜਦਾ ਹੈ। ਮਨ, ਸਰੀਰ ਅਤੇ ਆਤਮਾ ਦੀ ਇਕਸੁਰਤਾ ਪੈਦਾ ਕਰਦਿਆਂ ਬੁਨਿਆਦੀ
ਮਨੁੱਖੀ ਲੋੜਾਂ ਨੂੰ ਪੂਰਾ ਕਰਨਾ ਅਤੇ ਨਾਲ ਹੀ ਮਨੁੱਖ ਦੀਆਂ ਨਿੱਜੀ ਅਤੇ ਸਮੂਹਿਕ
ਸੰਭਾਵਨਾਵਾਂ ਨੂੰ ਪ੍ਰਫੁਲਿਤ ਕਰਨਾ ਸੱਭਿਆਚਾਰ ਦਾ ਮੁੱਖ ਲਕਸ਼ ਹੁੰਦਾ ਹੈ। ਵਿਸ਼ੇਸ਼
ਭੂਗੋਲਿਕ ਖਿੱਤੇ ਦੀਆਂ ਪਦਾਰਥਿਕ, ਕੁਦਰਤੀ ਅਤੇ ਮੌਸਮੀ ਪਰਿਸਥਿਤੀਆਂ ਮੁਤਾਬਕ ਲੋਕ
ਜ਼ਿੰਦਗੀ ਦੇ ਨਿੱਕੇ ਤੋਂ ਨਿੱਕੇ ਪੱਖ ਤੋਂ ਲੈ ਕੇ ਵੱਡੇ ਤੋਂ ਵੱਡੇ ਮਨੋਰਥ ਲਈ ਬੜਾ
ਵੰਨ-ਸੁਵੰਨਾ ਸੱਭਿਆਚਾਰਿਕ ਪ੍ਰਬੰਧ ਉਸਾਰਦੇ ਆਏ ਹਨ। ਸੱਭਿਆਚਾਰ ਇੱਕ ਗਤੀਸ਼ੀਲ ਵਰਤਾਰਾ
ਹੈ। ਪਦਾਰਥਿਕ, ਰਾਜਸੀ ਅਤੇ ਹੋਰ ਬਦਲਾਵ ਇਸ ਵਿੱਚ ਤਬਦੀਲੀ ਲਿਆਉਂਦੇ ਰਹਿੰਦੇ ਹਨ।
ਪੰਜਾਬੀ ਸੱਭਿਆਚਾਰ ਦਾ ਅਸਲ ਸਰੂਪ ਵੀ ਇਸ ਗਤੀਸ਼ਿਲਤਾ ਵਿੱਚੋਂ ਪਛਾਣਨ ਦੀ ਲੋੜ ਹੈ।
ਬਹੁਤੀ ਵਾਰ ਅਸੀਂ ਅਗਿਆਨਤਾ ਵੱਸ ਪ੍ਰਾਚੀਨਤਾ ਨੂੰ ਹੀ ਸੱਭਿਆਚਾਰ ਮੰਨਣ-ਮਨਾਉਣ ਦਾ ਯਤਨ
ਕਰਦੇ ਹਾਂ। ਵਾਸਤਵ ਵਿੱਚ ਸੱਭਿਆਚਾਰ ਸੱਚੀ ਅਤੇ ਸੁੱਚੀ, ਵਡੇਰੀ ਅਤੇ ਸੂਝ ਭਰੀ ਸ਼ਖ਼ਸੀਅਤ
ਸਿਰਜਣ ਲਈ ਮਨੁੱਖਾਂ ਵੱਲੋਂ ਉਸਾਰਿਆ ਗਿਆ ਇੱਕ ਸਾਂਝਾ ਪ੍ਰਬੰਧ ਹੈ। ਇਸੇ ਲੋੜ ਹਿਤ ਘਰ,
ਪਰਿਵਾਰ, ਭਾਈਚਾਰਾ, ਰਿਸ਼ਤਾ – ਨਾਤਾ ਪ੍ਰਬੰਧ, ਵਿਆਹ – ਪ੍ਰਬੰਧ, ਰੀਤੀ – ਰਿਵਾਜ,
ਵਿਸ਼ਵਾਸ, ਕੀਮਤਾਂ, ਪ੍ਰਤਿਮਾਨ, ਕਲਾਵਾਂ, ਪਹਿਰਾਵਾ, ਹਾਰ-ਸ਼ਿੰਗਾਰ, ਲੋਕਧਾਰਾ ਅਤੇ
ਅਜਿਹੀਆਂ ਹੋਰ ਵੰਨਗੀਆਂ ਦੀ ਸਿਰਜਣਾ ਹੁੰਦੀ ਆਈ ਹੈ। ਇਹ ਸਭ ਸਿਰਜਣਾਵਾਂ ਮਨੁੱਖ ਨੂੰ
ਪਸੂਪੂਣੇ ਤੋਂ ਉੱਪਰ ਉਠਾ ਕੇ ਉਸਾਰੂ ਅਤੇ ਸੁਚਾਰੂ ਮਨੁੱਖ ਬਣਨ-ਬਣਾਉਣ ਲਈ ਸਿਰਜੇ ਗਏ
ਵਸੀਲੇ ਹਨ।
No comments:
Post a Comment